Saturday, April 6, 2013

‘ਕੈਰੀ ਆਨ ਜੱਟਾ’ ਦੀ ਟੀਮ 26 ਅਪ੍ਰੈਲ ਨੂੰ ਲੈ ਕੇ ਆ ਰਹੀ ਹੈ ‘ਲੱਕੀ ਦੀ ਅਨਲੱਕੀ ਸਟੋਰੀ’

ਬੀਤੇ ਵਰ੍ਹੇ ਦੀ ਸੁਪਰ-ਡੁਪਰ ਹਿੱਟ ਫ਼ਿਲਮ ‘ਕੈਰੀ ਆਨ ਜੱਟਾ’ ਦੀ ਅਪਾਰ ਸਫ਼ਲਤਾ ਤੋਂ ਬਾਅਦ ਸਭ ਦਰਸ਼ਕਾਂ ਨੂੰ ਇੰਤਜ਼ਾਰ ਸੀ ਕਿ ਕਦੋਂ ਉਹਨਾਂ ਨੂੰ ਇਸ ਟੀਮ ਦੀ ਅਗਲੀ ਫ਼ਿਲਮ ਦੇਖਣ ਨੂੰ ਮਿਲੇਗੀ। ਸੋ ਉਹਨਾਂ ਸਾਰੇ ਹੀ ਦਰਸ਼ਕਾਂ ਦੀ ਉਡੀਕ ਨੂੰ ਖ਼ਤਮ ਕਰਦਿਆਂ ਉਹੀ ਟੀਮ ਆਗਾਮੀ 26 ਅਪ੍ਰੈਲ ਨੂੰਮਨੋਰੰਜਨ ਨਾਲ ਭਰਪੂਰ ਫ਼ਿਲਮ ‘ਲੱਕੀ ਦੀ ਅਨਲੱਕੀ ਸਟੋਰੀ’ ਲੈ ਕੇ ਆ ਰਹੀ ਹੈ। ਇਸ ਫ਼ਿਲਮ ਵਿੱਚ ਕੁਝ ਇੱਕ ਚਿਹਰਿਆਂ ਨੂੰ ਛੱਡ ਕੇ ਦਰਸ਼ਕਾਂ ਨੂੰ ‘ਕੈਰੀ ਆਨ ਜੱਟਾ’ ਵਾਲੀ ਹੀ ਸਾਰੀ ਟੀਮ ਨਜ਼ਰੀਂ ਆਵੇਗੀ ਅਤੇ ਇਸ ਫ਼ਿਲਮ ਦੇ ਨਿਰਦੇਸ਼ਕ ਵੀ ‘ਕੈਰੀ ਆਨ ਜੱਟਾ’ ਵਾਲੇ ਸਮੀਪ ਕੰਗ ਹੀ ਹਨ। ਗਿੱਪੀ ਗਰੇਵਾਲ ਦੇ ਆਪਣੇ ਬੈਨਰ ‘ਗੁਰਫ਼ਤਹਿ ਫ਼ਿਲਮਜ਼’ ਅਤੇ ‘ਸਿੱਪੀ ਗਰੇਵਾਲ ਪ੍ਰੋਡਕਸ਼ਨਜ਼’  ਦੁਆਰਾ ਤਿਆਰ ਕੀਤੀ ਗਈ ਇਸ ਫ਼ਿਲਮ ਦੇ ਨਿਰਮਾਤਾ ਸਿੱਪੀ ਗਰੇਵਾਲ, ਸੈਮੀ ਧਾਲੀਵਾਲ, ਨਿਤਿਨ ਤਲਵਾਰ, ਪੁਸ਼ਪਿੰਦਰ ਹੈਪੀ ਅਤੇ ਇਲਾਹੀ ਬ੍ਰਦਰਜ਼ ਹਨ। 
                      ਸਮੀਪ ਕੰਗ ਦੁਆਰਾ ਰਚਿਤ ਇਸ ਫ਼ਿਲਮ ਦੀ ਕਹਾਣੀ ਦੇ ਸੰਵਾਦ ਇੱਕ ਵਾਰ ਫਿਰ ‘ਚੱਕ ਦੇ ਫ਼ੱਟੇ’ ਅਤੇ ‘ਕੈਰੀ ਆਨ ਜੱਟਾ’ ਨਾਲ ਚਰਚਿਤ ਹੋਏ ਗਿੱਦੜਬਾਹਾ ਦੇ ਜੰਮਪਲ ਨਰੇਸ਼ ਕਥੂਰੀਆ ਦੁਆਰਾ ਹੀ ਲਿਖੇ ਗਏ ਹਨ ਅਤੇ ਫ਼ਿਲਮ ਦੇ ਸਹਿ ਨਿਰਦੇਸ਼ਕ ਵਿਕਰਮ ਗਰੋਵਰ ਹਨ। ‘ਸਿੰਘ ਵਰਸਜ਼ ਕੌਰ’ ਤੋਂ ਬਾਅਦ ਦਰਸ਼ਕਾਂ ਨੂੰ ਇੱਕ ਵਾਰ ਫਿਰ ਸਿਲਵਰ ਸਕਰੀਨ ’ਤੇ ਗਿੱਪੀ ਗਰੇਵਾਲ ਅਤੇ ਸੁਰਵੀਨ ਚਾਵਲਾ ਦੀ ਜੋੜੀ ਦੁਬਾਰਾ ਨਜ਼ਰੀਂ ਆਵੇਗੀ ਤੇ ਬਾਕੀ ਦੇ ਅਦਾਕਾਰਾਂ ਵਿੱਚ ਖ਼ੁਦ ਸਮੀਪ ਕੰਗ, ਸਮੀਕਸ਼ਾ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ, ਵਿਜੇ ਟੰਡਨ, ਹਰਿੰਦਰ ਭੁੱਲਰ, ਗੌਰੀ, ਪ੍ਰੀਤੀ, ਸ਼ਵੇਤਾ ਅਤੇ ਰੁਬੀਨਾ ਸ਼ਾਮਲ ਹਨ। ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ਼ ਵੀ ਇਸ ਫ਼ਿਲਮ ਰਾਹੀਂ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਵਿੱਚ ਆਪਣੀ ਅਦਾਕਾਰੀ ਦੇ ਜਾਹੋ-ਜਲਾਲ ਦਿਖਾਉਂਦਾ ਨਜ਼ਰ ਆਵੇਗਾ। ਇਸ ਤੋਂ ਇਲਾਵਾ ਮਹਿਮਾਨ ਭੂਮਿਕਾ ਵਿੱਚ ਗਾਇਕ ਰੋਸ਼ਨ ਪ੍ਰਿੰਸ ਨੇ ਵੀ ਇਸ ਫ਼ਿਲਮ ਵਿੱਚ ਆਪਣੀ ਅਦਾਕਾਰੀ ਦੇ ਰੰਗ ਭਰੇ ਹਨ। 
                           ਅਤਿ-ਆਧੁਨਿਕ ਡਿਜੀਟਲ ਤਕਨੀਕ ਦੁਆਰਾ ਫ਼ਿਲਮਾਈ ਗਈ ਇਸ ਫ਼ਿਲਮ ਦਾ ਫ਼ਿਲਮਾਂਕਣ ‘ਮਿਰਜ਼ਾ’ ਅਤੇ ‘ਬੈਸਟ ਆਫ਼ ਲੱਕ’ ਫ਼ੇਮ ਹਾਲੀਵੁੱਡ ਕੈਮਰਾਮੈਨ ਟੌਬੀ ਗੋਰਮੈਨ ਨੇ ਕੀਤਾ ਹੈ ਤੇ ਇਸਦੀ ਸੰਪਾਦਨਾ ਬਾਲੀਵੁੱਡ ਦੇ ਪ੍ਰਸਿੱਧ ਐਡੀਟਰ ਸਟੀਵਨ ਨੇ ਕੀਤੀ ਹੈ ਜੋ ਰੋਹਿਤ ਸ਼ੈਟੀ ਦੀਆਂ ਸਭ ਫ਼ਿਲਮਾਂ ਸੰਪਾਦਤ ਕਰਨ ਤੋਂ ਇਲਾਵਾ ਸ਼ਾਹਰੁਖ ਖਾਨ ਸਟਾਰਰ ‘ਚੇਨਈ ਐੱਕਸਪ੍ਰੈੱਸ’ ਦਾ ਵੀ ਐਡੀਟਰ ਹੈ। ਫ਼ਿਲਮ ਵਿਚਲੇ ਗੀਤਾਂ ਉੱਪਰ ਅਦਾਕਾਰਾਂ ਨੂੰ ਨਚਾਉਣ ਦੀ ਜ਼ਿੰਮੇਵਾਰੀ ਬਾਲੀਵੁੱਡ ਦੇ ਚਰਚਿਤ ਨ੍ਰਿਤ ਨਿਰਦੇਸ਼ਕ ਸ਼ਾਕਾ ਨੇ ਨਿਭਾਈ ਹੈ। ਫ਼ਿਲਮ ਨੂੰ ਸੰਗੀਤਕ ਰੰਗਤ ਨਾਲ ਅਜੋਕੇ ਦੌਰ ਦੇ ਮਸ਼ਹੂਰ ਸੰਗੀਤ ਨਿਰਦੇਸ਼ਕ ਜਤਿੰਦਰ ਸ਼ਾਹ ਨੇ ਰੰਗਿਆ ਹੈ ਤੇ ਇਸ ਵਿਚਲੇ ਐਕਸ਼ਨ ਦ੍ਰਿਸ਼ ਉੱਘੇ ਐਕਸ਼ਨ ਨਿਰਦੇਸ਼ਕ ਮੋਹਨ ਬੱਗੜ ਦੁਆਰਾ ਨਿਰਦੇਸ਼ਤ ਕੀਤੇ ਗਏ ਹਨ। ਫ਼ਿਲਮ ਦੀ ਸਟਿੱਲ ਫ਼ੋਟੋਗ੍ਰਾਫ਼ੀ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਫ਼ੋਟੋਗ੍ਰਾਫ਼ਰ ਹਰਜੀਤ ਸਿੰਘ ਦੁਆਰਾ ਕੀਤੀ ਗਈ ਹੈ ਤੇ ਕਲਾਕਾਰਾਂ ਨੂੰ ਰੰਗ-ਬਿਰੰਗੀਆਂ ਤੇ ਖ਼ੂਬਸੂਰਤ ਪੁਸ਼ਾਕਾਂ ਪਹਿਨਾਉਣ ਦਾ ਕੰਮ ਸ੍ਰੀਮਤੀ ਹਰਪ੍ਰੀਤ ਕੌਰ ਸੰਧੂ ਦੇ ਜ਼ਿੰਮੇ ਆਇਆ ਹੈ। ਆਰਟ ਡਾਇਰੈਕਸ਼ਨ ਦਾ ਮਹੱਤਵਪੂਰਨ ਕੰਮ ਬਾਲੀਵੁੱਡ ਦੇ ਉੱਘੇ ਆਰਟ ਡਾਇਰੈਕਟਰ ਸੁਨੀਲ ਸਿੰਘ ਦੁਆਰਾ ਨੇਪਰੇ ਚਾੜ੍ਹਿਆ ਗਿਆ ਹੈ।
         
ਫ਼ਿਲਮ ਦੀ ਕਹਾਣੀ ਇੱਕ ਮਸਤ ਮੌਲਾ ਨੌਜਵਾਨ ਲੱਕੀ ਦੇ ਦੁਆਲੇ ਘੁੰਮਦੀ ਹੈ ਜੋ ਜ਼ਿੰਦਗੀ ਨੂੰ ਆਪਣੇ ਹੀ ਢੰਗ ਨਾਲ ਜਿਉਂ ਰਿਹਾ ਹੁੰਦਾ ਹੈ। ਉਸ ਅਨੁਸਾਰ ਕੁੜੀਆਂ ਨੂੰ ਬੁੱਧੂ ਬਣਾਉਣਾ ਕੋਈ ਔਖਾ ਕੰਮ ਨਹੀਂ ਹੈ ਤੇ ਉਹ ਇਸ ਗੱਲ ’ਤੇ ਆਪਣੇ ਵਿਆਹੇ ਹੋਏ ਦੋਸਤਾਂ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਅਤੇ ਬੀਨੂੰ ਢਿੱਲੋਂ ਦਾ ਅਕਸਰ ਹੀ ਮਜ਼ਾਕ ਉਡਾਉਂਦਾ ਰਹਿੰਦਾ ਕਿ ਉਹ ਕਿਉਂ ਆਪਣੀਆਂ ਘਰ ਵਾਲੀਆਂ ਤੋਂ ਡਰਦੇ ਹਨ। ਪਰ ਜਦੋਂ ਉਸਨੂੰ ਖ਼ੁਦ ਕਿਸੇ ਕੁੜੀ ਨਾਲ ਪਿਆਰ ਹੋ ਜਾਂਦਾ ਹੈ ਤੇ ਉਹ ਉਸ ਨਾਲ ਵਿਆਹ ਕਰਵਾਉਣ ਲੱਗਦਾ ਹੈ ਤਾਂ ਉਸ ਅੱਗੇ ਜ਼ਿੰਦਗੀ ਦੀ ਅਸਲ ਸੱਚਾਈ ਸਾਹਮਣੇ ਆਉਂਦੀ ਹੈ। ਫ਼ਿਲਮ ਵਿੱਚ ਇਹ ਦੇਖਣਾ ਬੇਹੱਦ ਰੌਚਕ ਲੱਗਦਾ ਹੈ ਕਿ ਕਿਵੇਂ ਲੱਕੀ ਆਪਣੇ ਵੱਲੋਂ ਹਰ ਕੰਮ ਸਹੀ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਕੋਲੋਂ ਹਰ ਕੰਮ ਹੀ ਗ਼ਲਤ ਹੋ ਜਾਂਦਾ ਹੈ। ਉਹ ਵਾਰ-ਵਾਰ ਹਰੇਕ ਤੋਂ ਮਾਫ਼ੀ ਮੰਗਦਾ ਰਹਿੰਦਾ ਹੈ ਤੇ ਗ਼ਲਤੀਆਂ ਕਰਦਾ ਜਾਂਦਾ ਹੈ। ‘ਕੈਰੀ ਆਨ ਜੱਟਾ’ ਵਾਂਗ ਇਹ ਵੀ ਇੱਕ ਭਰਪੂਰ ਕਾਮੇਡੀ ਫ਼ਿਲਮ ਹੈ ਜਿਸਦਾ ਹਰ ਇੱਕ ਸੰਵਾਦ ਦਰਸ਼ਕਾਂ ਨੂੰ ਹਸਾ-ਹਸਾ ਕੇ ਲੋਟ-ਪੋਟ ਕਰ ਦੇਵੇਗਾ।                     
                   ਗਿੱਪੀ ਗਰੇਵਾਲ ਅਨੁਸਾਰ ਉਹ ਇਹ ਫ਼ਿਲਮ ਕਰਕੇ ਬਹੁਤ ਖ਼ੁਸ਼ੀ ਮਹਿਸੂਸ ਹੋਈ ਹੈ ਕਿਉਂਕਿ ਇਸ ਟੀਮ ਨੇ ‘ਕੈਰੀ ਆਨ ਜੱਟਾ’ ਵਰਗੀ ਸੁਪਰ-ਡੁਪਰ ਹਿੱਟ ਫ਼ਿਲਮ ਦਿੱਤੀ ਹੈ ਇਸ ਲਈ ਉਹ ਇੱਕ ਵਾਰ ਫਿਰ ਇਸ ਫ਼ਿਲਮ ਰਾਹੀਂ ਉਸੇ ਸਫ਼ਲਤਾ ਨੂੰ ਦੁਹਰਾਉਣ ਦਾ ਯਤਨ ਕਰਨ ਜਾ ਰਹੇ ਹਨ। ਅਦਾਕਾਰਾ ਸੁਰਵੀਨ ਚਾਵਲਾ ਨੇ ਕਿਹਾ ਕਿ ਉਹ ਬੇਹੱਦ ਖ਼ੁਸ਼ ਤੇ ਉਤਸ਼ਾਹਤ ਹੈ ਕਿਉਂਕਿ ਇਸ ਫ਼ਿਲਮ ਰਾਹੀਂ ਉਹ ‘ਕੈਰੀ ਆਨ ਜੱਟਾ’ ਜਿਹੀ ਬਲਾਕਬਸਟਰ ਫ਼ਿਲਮ ਦੀ ਟੀਮ ਨਾਲ ਜੁੜੀ ਹੈ। ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਤੇ ਬੀਨੂੰ ਢਿੱਲੋਂ ਦੀ ਤਿੱਕੜੀ ਨੇ ਇਸ ਫ਼ਿਲਮ ਨੂੰ ‘ਕੈਰੀ ਆਨ ਜੱਟਾ’ ਵਾਂਗ ਹੀ ਆਪਣੀ ਜ਼ਿੰਦਗੀ ਦੀ ਇੱਕ ਬੇਹਤਰੀਨ ਫ਼ਿਲਮ ਕਿਹਾ ਜਿਸ ਵਿੱਚ ਕੰਮ ਕਰਕੇ ਉਹਨਾਂ ਨੂੰ ਬਤੌਰ ਅਦਾਕਾਰ ਸੰਤੁਸ਼ਟੀ ਤੇ ਖ਼ੁਸ਼ੀ ਹੋਈ ਹੈ।
              ਚੰਡੀਗੜ੍ਹ, ਜ਼ੀਰਕਪੁਰ, ਮੁੰਬਈ ਅਤੇ ਵਿਦੇਸ਼ੀ ਲੋਕੇਸ਼ਨਾ ਉੱਪਰ ਫ਼ਿਲਮਾਈ ਗਈ ਇਸ ਫ਼ਿਲਮ ਤੋਂ ਉਮੀਦ ਹੈ ਇਹ ‘ਕੈਰੀ ਆਨ ਜੱਟਾ’ ਤੋਂ ਵੀ ਦੋ ਕਦਮ ਅੱਗੇ ਜਾ ਕੇ ਨਵਾਂ ਕੀਰਤੀਮਾਨ ਸਥਾਪਤ ਕਰਨ ਵਿੱਚ ਸਫ਼ਲ ਰਹੇਗੀ।
                         ਹਰਿੰਦਰ ਭੁੱਲਰ                                                                                                                                                           
                         ਫ਼ਿਰੋਜ਼ਪੁਰ                                                                                     
                         ਮੋਬਾਇਲ-94640-08008
                         ਈ-ਮੇਲ-harinderbhullar420@yahoo.com
                         facebook- www.facebook.com/harinderbhullarofficialpage                           
   
Thursday, March 22, 2012

ਫ਼ਿਲਮ `ਮਿਰਜ਼ਾ-ਦਾ ਅਨਟੋਲਡ ਸਟੋਰੀ’ ਬਾਰੇ ਕੀ ਕਹਿੰਦੀ ਹੈ ਇਸਦੀ ਟੀਮ

ਇਸ ਵਰ੍ਹੇ ਦੀ ਬਹੁ-ਚਰਚਿਤ ਅਤੇ ਬੇਸਬਰੀ ਨਾਲ ਉਡੀਕੀ ਜਾ ਰਹੀ ਪੰਜਾਬੀ ਫ਼ਿਲਮ ‘ਮਿਰਜ਼ਾ-ਦਾ ਅਨਟੋਲਡ ਸਟੋਰੀ’ 6 ਅਪ੍ਰੈਲ ਨੂੰ ਸਿਨੇਮਿਆਂ ਦਾ ਰਾਹ ਤੱਕਣ ਜਾ ਰਹੀ ਹੈ। ਪ੍ਰਸਿੱਧ ਗੀਤਕਾਰ ਇੰਦਾ ਰਾਏਕੋਟੀ ਅਤੇ ਅਮਨ ਖੜਕੜ ਦੁਆਰਾ ਨਿਰਮਿਤ ਅਤੇ ਸਪੀਡ ਰਿਕਾਰਡਜ਼ ਦੀ ਪੇਸ਼ਕਸ਼ ਹੇਠ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਨੂੰ ‘ਜੱਗ ਜਿਉਂਦਿਆਂ ਦੇ ਮੇਲੇ’ ਫ਼ੇਮ ਨਿਰਦੇਸ਼ਕ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਤ ਕੀਤਾ ਹੈ। ਫ਼ਿਲਮ ਦੇ ਬਾਕੀ ਕਲਾਕਾਰਾਂ ਵਿੱਚ ਹੀਰੋਇਨ ਮੈਂਡੀ ਤੱਖਰ, ਬਾਲੀਵੁੱਡ ਅਦਾਕਾਰ ਰਾਹੁਲ ਦੇਵ, ਬੀਨੂੰ ਢਿੱਲੋਂ, ਬੀ. ਐੱਨ. ਸ਼ਰਮਾਂ ਅਤੇ ਉੱਘਾ ਸੰਗੀਤ ਨਿਰਦੇਸ਼ਕ ਹਨੀ ਸਿੰਘ ਸ਼ਾਮਲ ਹਨ। ਹਾਲੀਵੁੱਡ ਦੇ ਕੈਮਰਾਮੈਨ ਟੋਬੀ ਗੋਰਮੈਨ ਦੁਆਰਾ ਕੈਨੇਡਾ, ਅਮਰੀਕਾ ਅਤੇ ਪੰਜਾਬ ਵਿਖੇ ਫ਼ਿਲਮਾਈ ਗਈ ਇਸ ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਬਲਜੀਤ ਸਿੰਘ ਦਿਓ ਦੁਆਰਾ ਹੀ ਲਿਖਿਆ ਗਿਆ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦੇ ਨਾਲ-ਨਾਲ ਇਸ ਦੀ ਟੀਮ ਵੀ ਬਹੁਤ ਉਤਸ਼ਾਹਤ ਹੈ ਆਓ ਜਾਣਦੇ ਹਾਂ ਕਿ ਇਸ ਫ਼ਿਲਮ ਬਾਰੇ ਕੀ ਹਨ ਉਹਨਾਂ ਦੇ ਵਿਚਾਰ-
ਗਿੱਪੀ ਗਰੇਵਾਲ (ਨਾਇਕ)- ‘ਮੇਲ ਕਰਾ ਦੇ ਰੱਬਾ’ ਰਾਹੀਂ ਅਚਨਚੇਤ ਸ਼ੁਰੂ ਹੋਇਆ ਮੇਰਾ ਫ਼ਿਲਮੀ ਸਫ਼ਰ ‘ਜੀਹਨੇ ਮੇਰਾ ਦਿਲ ਲੁੱਟਿਆ’ ਨਾਲ ਆਪਣੀ ਪੂਰੀ ਰਫ਼ਤਾਰ ’ਤੇ ਹੋ ਗਿਆ ਸੀ। ਇਹਨਾਂ ਫ਼ਿਲਮਾਂ ਤੋਂ ਬਾਅਦ ਜਦੋਂ ਮੈਨੂੰ ਨਿਰਦੇਸ਼ਕ ਬਲਜੀਤ ਸਿੰਘ ਦਿਓ ਜੀ ਨੇ ‘ਮਿਰਜ਼ਾ’ ਦੀ ਪੇਸ਼ਕਸ਼ ਕੀਤੀ ਤਾਂ ਮੈਂ ਝਟਪਟ ਹਾਂ ਕਹਿ ਦਿੱਤੀ ਕਿਉਂਕਿ ਇੱਕ ਤਾਂ ਇਹ ਐਕਸ਼ਨ ਫ਼ਿਲਮ ਸੀ ਜਿਸਨੂੰ ਕਿ ਮੈਂ ਕਰਨਾ ਹੀ ਚਾਹੁੰਦਾ ਸੀ ਤੇ ਦੂਜਾ ਬਲਜੀਤ ਭਾਅ ਜੀ ਦੀ ਨਿਰਦੇਸ਼ਨ ਯੋਗਤਾ ’ਤੇ ਤਾਂ ਕਿਸੇ ਨੂੰ ਕੋਈ ਸ਼ੱਕ ਹੋ ਹੀ ਨਹੀਂ ਸਕਦਾ। ਜਿਸ ਤਰੀਕੇ ਨਾਲ ਉਹ ਫ਼ਿਲਮ ਨੂੰ ਬਣਾਉਂਦੇ ਹਨ ਉਹ ਆਪਣੇ ਆਪ ਵਿੱਚ ਹੀ ਇੱਕ ਅਨੋਖਾ ਤਜਰਬਾ ਹੁੰਦਾ ਹੈ। ਬਾਕੀ ਮੈਂ ਇਸ ਗੱਲ ਲਈ ਆਪਣੇ ਨਿਰਮਾਤਾਵਾਂ ਇੰਦਾ ਰਾਏਕੋਟੀ ਅਤੇ ਅਮਨ ਖੜਕੜ ਦਾ ਵੀ ਧੰਨਵਾਦੀ ਹਾਂ ਕਿ ਉਹਨਾਂ ਨੇ ਇੱਕ ਪੰਜਾਬੀ ਫ਼ਿਲਮ ਬਣਾਉਣ ਲਈ ਐਨਾ ਬਜਟ ਖਰਚਣ ਦਾ ਹੀਆ ਕੀਤਾ। ਫ਼ਿਲਮ ਬਹੁਤ ਹੀ ਵਧੀਆ ਬਣੀ ਹੈ ਜਿਸ ਵਿੱਚ ਹਰ ਤਰਾਂ ਦਾ ਮਸਾਲਾ ਹੈ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗਾ।

ਬਲਜੀਤ ਸਿੰਘ ਦਿਓ (ਨਿਰਦੇਸ਼ਕ)- ਪੰਜਾਬ ਤੋਂ ਦੂਰ ਕੈਨੇਡਾ ਰਹਿਕੇ ਪਿਛਲੇ ਕਾਫ਼ੀ ਸਮੇਂ ਤੋਂ ਵੱਖ-ਵੱਖ ਸੰਗੀਤਕ ਵੀਡੀਓਜ਼ ਅਤੇ ‘ਜੱਗ ਜਿਉਂਦਿਆਂ ਦੇ ਮੇਲੇ’ ਵਰਗੀ ਰੁਮਾਂਟਿਕ ਫ਼ਿਲਮ ਕਰਨ ਤੋਂ ਬਾਅਦ ਮਨ ਦੇ ਕਿਸੇ ਕੋਨੇ ਵਿੱਚ ਇੱਕ ਰੀਝ ਸੀ ਕਿ ਪੰਜਾਬੀ ਵਿੱਚ ਇੱਕ ਵੱਖਰੀ ਤਰਾਂ ਦੀ ਐਕਸ਼ਨ ਫ਼ਿਲਮ ਬਣਾਈ ਜਾਵੇ ਇਸ ਲਈ ਮੈਨੂੰ ਗਿੱਪੀ ਗਰੇਵਾਲ ਵਿੱਚ ਆਪਣਾ ਉਹ ਨਾਇਕ ਨਜ਼ਰ ਆਇਆ। ਸਾਡੀ ਟੀਮ ਨੇ ਇਸ ਫ਼ਿਲਮ ਦੇ ਨਿਰਮਾਣ ’ਤੇ ਬਹੁਤ ਪੈਸਾ ਅਤੇ ਮਿਹਨਤ ਖਰਚ ਕੀਤੀ ਹੈ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਡੀ ਮਾਂ-ਬੋਲੀ ਪੰਜਾਬੀ ਦੀ ਇਸ ਫ਼ਿਲਮ ਨੂੰ ਤਕਨੀਕ ਪੱਖੋਂ ਹਾਲੀਵੁੱਡ ਜਾਂ ਬਾਲੀਵੁੱਡ ਦੇ ਹਾਣ ਦੀ ਬਣਾਇਆ ਜਾਵੇ। ਅਸੀਂ ਆਪਣੇ ਇਸ ਮਕਸਦ ਵਿੱਚ ਕਿੰਨਾ ਕੁ ਕਾਮਯਾਬ ਹੋਏ ਹਾਂ ਇਹ ਤਾਂ ਦਰਸ਼ਕ ਹੀ ਦੱਸਣਗੇ ਪਰ ‘ਮਿਰਜ਼ਾ’ ਵਰਗੀ ਫ਼ਿਲਮ ਨੂੰ ਨਿਰਦੇਸ਼ਤ ਕਰ ਕੇ ਅਤੇ ਇਸਦਾ ਇੱਕ ਹਿੱਸਾ ਬਣ ਕੇ ਮੈਂ ਆਪਣੇ ਆਪ ਵਿੱਚ ਮਾਣ ਮਹਿਸੂਸ ਕਰ ਰਿਹਾ ਹਾਂ।

ਮੈਂਡੀ ਤੱਖਰ (ਹੀਰੋਇਨ)- ‘ਮਿਰਜ਼ਾ’ ਫ਼ਿਲਮ ਤੋਂ ਪਹਿਲਾਂ ਮੈਂ ਇੱਕ ਹੋਰ ਪੰਜਾਬੀ ਫ਼ਿਲਮ ‘ਏਕਮ’ ਬਤੌਰ ਹੀਰੋਇਨ ਕਰ ਚੁੱਕੀ ਸੀ ਪਰ ਇਸ ਫ਼ਿਲਮ ਰਾਹੀਂ ਮੇਰਾ ਗ੍ਰਾਫ਼ ਹੋਰ ਵੀ ਉੱਚਾ ਹੋਇਆ ਹੈ। ਬਲਜੀਤ ਸਿੰਘ ਦਿਓ ਵਰਗੇ ਨਿਰਦੇਸ਼ਕ ਨਾਲ ਕੰਮ ਕਰਨਾ ਹਰ ਕਲਾਕਾਰ ਦਾ ਸੁਪਨਾ ਹੈ ਤੇ ਮੈਂ ਖ਼ੁਸ਼ਨਸੀਬ ਹਾਂ ਕਿ ਮੈਨੂੰ ਉਹਨਾਂ ਨਾਲ ਇਸ ਫ਼ਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਸਾਰੀ ਦੀ ਸਾਰੀ ਟੀਮ ਹੀ ਪੂਰੀ ਤਰਾਂ ਪ੍ਰੋਫ਼ੈਸ਼ਨਲ ਸੀ ਖ਼ਾਸ ਤੌਰ ’ਤੇ ਇਸ ਫ਼ਿਲਮ ਦੀ ਤਕਨੀਕੀ ਟੀਮ ਤਾਂ ਕਮਾਲ ਦੀ ਹੈ। ਉਮੀਦ ਹੈ ਕਿ ਦਰਸ਼ਕ ਇਸ ਹਰ ਪੱਖੋਂ ਬਿਹਤਰੀਨ ਫ਼ਿਲਮ ਨੂੰ ਜ਼ਰੂਰ ਹੀ ਪਸੰਦ ਕਰਨਗੇ।

ਰਾਹੁਲ ਦੇਵ (ਅਦਾਕਾਰ)- ਪਾਲੀਵੁੱਡ ਵਿੱਚ ਮੇਰਾ ਦਾਖਲਾ ਬੀਤੇ ਵਰ੍ਹੇ ਨਵਨੀਅਤ ਸਿੰਘ ਦੀ ਫ਼ਿਲਮ ‘ਧਰਤੀ’ ਰਾਹੀਂ ਹੋ ਗਿਆ ਸੀ ਤੇ ਮੈਨੂੰ ਖ਼ੁਸ਼ੀ ਹੈ ਕਿ ਮੇਰੇ ਕੰਮ ਨੂੰ ਪੰਜਾਬੀ ਦਰਸ਼ਕਾਂ ਨੇ ਸਲਾਹਿਆ ਹੈ। ਉਹਨਾਂ ਦੇ ਇਸੇ ਪਿਆਰ ਸਦਕਾ ਇੱਕ ਵਾਰ ਫਿਰ ਮੈਂ ਬਤੌਰ ਖ਼ਲਨਾਇਕ ਫ਼ਿਲਮ ‘ਮਿਰਜ਼ਾ’ ਰਾਹੀਂ ਉਹਨਾਂ ਨੂੰ ਨਜ਼ਰ ਆਵਾਂਗਾ। ਇਸ ਫ਼ਿਲਮ ਵਿੱਚ ਕੰਮ ਕਰਕੇ ਮਨ ਨੂੰ ਬਹੁਤ ਤਸੱਲੀ ਹੋਈ ਹੈ ਸ਼ੂਟਿੰਗ ਦੌਰਾਨ ਕਿਧਰੇ ਵੀ ਇੰਝ ਨਹੀਂ ਲੱਗਿਆ ਕਿ ਕਿਸੇ ਪੰਜਾਬੀ ਫ਼ਿਲਮ ਵਿੱਚ ਕੰਮ ਕਰ ਰਿਹਾ ਹਾਂ ਬਲਕਿ ਇਸ ਤਰਾਂ ਲਗਦਾ ਸੀ ਜਿਵੇਂ ਕਿਸੇ ਬਾਲੀਵੁੱਡ ਜਾਂ ਹਾਲੀਵੁੱਡ ਦੀ ਫ਼ਿਲਮ ਦਾ ਸ਼ੂਟ ਹੋ ਰਿਹਾ ਹੋਵੇ। ਪੂਰਾ ਯੂਨਿਟ ਹੀ ਆਪਣੇ ਕੰਮ ਵਿੱਚ ਮਾਹਰ ਸੀ ਖ਼ਾਸ ਤੌਰ ’ਤੇ ਇਸਦੇ ਨਿਰਦੇਸ਼ਕ ਬਲਜੀਤ ਸਿੰਘ ਦਿਓ ਦਾ ਤਾਂ ਜਵਾਬ ਹੀ ਨਹੀਂ। ਪੰਜਾਬੀ ਫ਼ਿਲਮ ਇੰਡਸਟਰੀ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਅੱਜ ਉਹਨਾਂ ਵਰਗੇ ਬੰਦੇ ਪੰਜਾਬੀ ਫ਼ਿਲਮਾਂ ਲਈ ਕੰਮ ਕਰ ਰਹੇ ਹਨ।

ਹਨੀ ਸਿੰਘ (ਸਹਿ-ਨਾਇਕ) ਹਲਾਂਕਿ ਸੰਗੀਤਕ ਖੇਤਰ ਵਿੱਚ ਬਤੌਰ ਸੰਗੀਤ ਨਿਰਦੇਸ਼ਕ ਵਿਚਰਦਿਆਂ ਮੈਨੂੰ ਕਾਫ਼ੀ ਸਮਾਂ ਹੋ ਗਿਆ ਤੇ ਇਸੇ ਦੌਰਾਨ ਕਾਫ਼ੀ ਵਾਰ ਵੱਖ-ਵੱਖ ਗਾਇਕਾਂ ਦੇ ਵੀਡੀਓਜ਼ ਰਾਹੀਂ ਛੋਟੇ ਪਰਦੇ ’ਤੇ ਆਉਣ ਦਾ ਮੌਕਾ ਵੀ ਮਿਲਦਾ ਰਹਿੰਦਾ ਸੀ ਪਰ ਆਪਣੇ ਆਪ ਨੂੰ ਬਤੌਰ ਅਦਾਕਾਰ ਵੱਡੇ ਪਰਦੇ ’ਤੇ ਦੇਖਣ ਦੀ ਚਾਹਤ ਸੀ ਜੋ ਫ਼ਿਲਮ ‘ਮਿਰਜ਼ਾ’ ਰਾਹੀਂ ਪੂਰੀ ਹੋਣ ਜਾ ਰਹੀ ਹੈ। ਇਸ ਫ਼ਿਲਮ ਨਾਲ ਜੁੜਨ ਦਾ ਸਬੱਬ ਗਿੱਪੀ ਗਰੇਵਾਲ ਦੀ ਬਦੌਲਤ ਬਣਿਆ ਤੇ ਮੈਂ ਖ਼ੁਸ਼ ਹਾਂ ਕਿ ਮੇਰੀ ਪਾਲੀਵੁੱਡ ਵਿੱਚ ਬਤੌਰ ਅਦਾਕਾਰ ਐਂਟਰੀ ਇੱਕ ਵੱਡੇ ਬਜਟ ਅਤੇ ਵੱਡੇ ਬੈਨਰ ਦੀ ਫ਼ਿਲਮ ਦੇ ਰਾਹੀਂ ਹੋਣ ਜਾ ਰਹੀ ਹੈ। ਫ਼ਿਲਮ ਵਿੱਚ ਮੇਰੀ ਜੋ ਭੂਮਿਕਾ ਹੈ ਮੇਰੀ ਚਾਹਤ ਇਸ ਤਰਾਂ ਦੇ ਕਿਰਦਾਰ ਨੂੰ ਨਿਭਾਉਣ ਦੀ ਹੀ ਸੀ ਤੇ ਮੈਂ ਧੰਨਵਾਦੀ ਹਾਂ ਕਿ ਬਲਜੀਤ ਭਾਅ ਜੀ ਨੇ ਮੇਰੇ ਤੋਂ ਇਸ ਕਿਰਦਾਰ ਲਈ ਕੰਮ ਕਰਵਾਇਆ ਹੈ।

ਬੀਨੂੰ ਢਿੱਲੋਂ (ਅਦਾਕਾਰ)- ਮੈਂ ਪਿਛਲੇ 14 ਸਾਲਾਂ ਤੋਂ ਇਸ ਖੇਤਰ ਵਿੱਚ ਕੰਮ ਕਰ ਰਿਹਾ ਹਾਂ ਇਸ ਅਰਸੇ ਦੌਰਾਨ ਹਰ ਤਰਾਂ ਦੇ ਕਿਰਦਾਰ ਨਿਭਾਉਣ ਦਾ ਮੌਕਾ ਮਿਲਦਾ ਰਿਹਾ ਹੈ ਪਰ ਜੋ ਸਵਾਦ ‘ਮਿਰਜ਼ਾ’ ਵਿੱਚ ਅਦਾਕਾਰੀ ਕਰ ਕੇ ਆਇਆ ਹੈ ਉਸਨੂੰ ਸ਼ਬਦਾਂ ਵਿੱਚ ਕੈਦ ਕਰਨਾ ਸੰਭਵ ਨਹੀਂ ਹੈ। ਇਸ ਫ਼ਿਲਮ ਵਿੱਚ ਮੇਰੀ ਡਿਊਟੀ ਬਲਜੀਤ ਭਾਅ ਜੀ ਨੇ ਭਤੀਜੇ ਦੇ ਰੋਲ ਵਿੱਚ ਹਾਸਿਆਂ ਦੇ ਰੰਗ ਭਰਨ ਦੀ ਲਗਾਈ ਸੀ ਜਿਸਨੂੰ ਮੈਂ ਅਦਾਕਾਰ ਬੀ.ਐੱਨ.ਸ਼ਰਮਾਂ ਜੀ ਨਾਲ ਮਿਲਕੇ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਫ਼ਿਲਮ ਵਿੱਚ ਜਿਸ ਚੀਜ਼ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ ਉਹ ਹੈ ਇਸ ਦਾ ਯੂਨਿਟ ਜਿਸ ਵਿੱਚ ਨਿਰਦੇਸ਼ਕ ਸਮੇਤ ਸਭ ਤਕਨੀਸ਼ੀਅਨ ਪੂਰੀ ਤਰਾਂ ਆਪਣੇ ਕੰਮ ਪ੍ਰਤੀ ਸਮਰਪਤ ਸਨ ਜਿਸ ਕਰਕੇ ਸਾਡਾ ਕੰਮ ਬਹੁਤ ਆਸਾਨ ਹੋ ਗਿਆ।

ਬੀ.ਐੱਨ. ਸ਼ਰਮਾਂ (ਅਦਾਕਾਰ)- ਫ਼ਿਲਮ ‘ਮਿਰਜ਼ਾ’ ਬਾਰੇ ਮੇਰਾ ਤਾਂ ਸਿਰਫ਼ ਇਹੀ ਕਹਿਣਾ ਹੈ ਕਿ ਇਹ ਪੰਜਾਬੀ ਫ਼ਿਲਮਾਂ ਦੇ ਖੇਤਰ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ। ਜਿਸ ਤਰਾਂ ਦਾ ਕੰਮ ਹਾਲੀਵੁੱਡ ਜਾਂ ਬਾਲੀਵੁੱਡ ਦੇ ਵੱਡੇ ਮੇਕਰ ਆਪਣੀਆਂ ਫ਼ਿਲਮਾਂ ਲਈ ਕਰਦੇ ਹਨ ਉਸ ਬਾਰੇ ਪਹਿਲਾਂ ਸਿਰਫ਼ ਸੁਣਿਆਂ ਕਰਦੇ ਸੀ ਪਰ ਇਸ ਫ਼ਿਲਮ ਵਿੱਚ ਕੰਮ ਕਰਕੇ ਉਸਨੂੰ ਦੇਖ ਵੀ ਲਿਆ ਹੈ। ਮੈਂ ਇਸ ਫ਼ਿਲਮ ਵਿੱਚ ਅਦਾਕਾਰ ਬੀਨੂੰ ਢਿੱਲੋਂ ਦੇ ਚਾਚੇ ਦਾ ਇੱਕ ਮਜ਼ਾਹੀਆ ਕਿਰਦਾਰ ਨਿਭਾਇਆ ਹੈ ਜੋ ਹਰ ਜਗ੍ਹਾ ਜੁਗਾੜ ਲਾ ਕੇ ਕੰਮ ਲੱਭਦੇ ਹਨ ਤੇ ਹਰ ਥਾਂ ਤੋਂ ਹੀ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਹੈ। ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਪੰਜਾਬੀ ਫ਼ਿਲਮ ਹੈ ਤੇ ਉਮੀਦ ਕਰਦਾ ਹਾਂ ਕਿ ਦਰਸ਼ਕ ਜ਼ਰੂਰ ਹੀ ਇਸ ਫ਼ਿਲਮ ’ਤੇ ਆਪਣੀ ਪ੍ਰਵਾਨਗੀ ਦੀ ਮੋਹਰ ਲਾਉਣਗੇ ਤਾਂ ਜੋ ਭਵਿੱਖ ਵਿੱਚ ਵੀ ਨਿਰਮਾਤਾ ਇਸ ਤਰਾਂ ਦੀਆਂ ਪੰਜਾਬੀ ਫ਼ਿਲਮਾਂ ਬਣਾਉਣ ਲਈ ਝਿਜਕਣ ਨਾ।
ਹਰਿੰਦਰ ਸਿੰਘ ਭੁੱਲਰ
ਫ਼ਿਰੋਜ਼ਪੁਰ
ਮੋਬਾਇਲ-94640-08008
ਈ-ਮੇਲ-harinderbhullar420@yahoo.com

Sunday, March 6, 2011

ਸਤਿੰਦਰ ਸਰਤਾਜ ਦੀ ਨਵੀਂ ਸੰਗੀਤਕ ਪਰਵਾਜ਼- ਚੀਰੇ ਵਾਲਾ ਸਰਤਾਜ

ਸੁਰ ਅਤੇ ਸ਼ਬਦ ਦਾ ਸੁਮੇਲ ਸਤਿੰਦਰ ਸਰਤਾਜ ਅੱਜ ਭਾਰਤ ਦੇ ਹਰ ਇੱਕ ਰਾਜ ਅਤੇ ਦੁਨੀਆਂ ਦੇ ਹਰ ਇੱਕ ਭਾਗ ਵਿੱਚ ਪੰਜਾਬੀਆਂ ਵਿੱਚ ਸਭ ਤੋਂ ਵੱਧ ਸੁਣਿਆਂ ਤੇ ਮਾਣਿਆਂ ਜਾਣ ਵਾਲਾ ਗਾਇਕ ਹੈ। ਇਹ ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੀ ਹੋਇਆ ਹੋਵੇਗਾ ਕਿ ਮਹਿਜ਼ ਇੱਕ ਟੇਪ ਨਾਲ ਹੀ ਇੱਕ ਗਵੱਈਆ ਗਾਇਕੀ ਦੇ ਸਿਖ਼ਰ ’ਤੇ ਪਹੁੰਚ ਜਾਵੇ। ਇਹ ਲੋਕਾਂ ਦੀ ਉਸ ਪ੍ਰਤੀ ਮੁਹੱਬਤ ਦਾ ਹੀ ਸਬੂਤ ਹੈ ਕਿ ਬੀਤੇ ਵਰ੍ਹੇ ਮਾਰਕੀਟ ਵਿੱਚ ਆਈ ਉਸਦੀ ਪਹਿਲੀ ਟੇਪ ‘ਸਰਤਾਜ’ ਨੇ ਪਾਇਰੇਸੀ ਦੇ ਇਸ ਯੁੱਗ ਵਿੱਚ ਵੀ ਵਿੱਕਰੀ ਪੱਖੋਂ ਨਵੇਂ ਕੀਰਤੀਮਾਨ ਸਥਾਪਿਤ ਕੀਤੇ। ਇੱਕ ਮੋਟੇ ਜਿਹੇ ਅੰਦਾਜ਼ੇ ਮੁਤਾਬਿਕ ਉਸਦੀ ਇਸ ਟੇਪ ਦੀਆਂ ਹੁਣ ਤੱਕ ਢਾਈ ਲੱਖ ਦੇ ਕਰੀਬ ਅਸਲੀ ਸੀ|ਡੀਜ਼ ਵਿਕ ਚੁੱਕੀਆਂ ਹਨ।
ਇਸ ਐਲਬਮ ਦੀ ਇਤਿਹਾਸਕ ਸਫ਼ਲਤਾ ਤੋਂ ਲਗਭਗ ਇੱਕ ਵਰ੍ਹੇ ਬਾਅਦ ਉਹ ਇਹਨੀਂ ਦਿਨੀ ਸਪੀਡ ਰਿਕਾਰਡਜ਼ ਅਤੇ ਨਿਰਮਾਤਾ ਦਿਨੇਸ਼ ਦੀ ਪੇਸ਼ਕਸ਼ ਹੇਠ ਆਪਣੀ ਦੂਸਰੀ ਸੰਗੀਤਕ ਐਲਬਮ ‘ਚੀਰੇ ਵਾਲਾ ਸਰਤਾਜ’ ਲੈ ਕੇ ਹਾਜ਼ਰ ਹੋਇਆ ਹੈ ਜੋ ਇੱਕੋ ਵੇਲੇ ਪੂਰੀ ਦੁਨੀਆਂ ਵਿੱਚ ਰਿਲੀਜ਼ ਕੀਤੀ ਗਈ ਹੈ। ਆਰਥਿਕ ਮੰਦੀ ਨਾਲ ਜੂਝ ਰਹੀ ਸੰਗੀਤ ਸਨਅਤ ਲਈ ਇਹ ਗੱਲ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਜਾਪਦੀ ਕਿ ਇਹ ਐਲਬਮ ਰਿਲੀਜ਼ ਹੋਣ ਦੇ ਇੱਕ ਹਫ਼ਤੇ ਵਿੱਚ ਵਿੱਚ ਹੀ ਵਿੱਕਰੀ ਪੱਖੋਂ 50000 ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਸ ਐਲਬਮ ਦੀ ਮੰਗ ਅਤੇ ਪੂਰਤੀ ਵਿੱਚ ਸੰਤੁਲਨ ਕਾਇਮ ਰੱਖਣ ਲਈ ਕੰਪਨੀਂ ਨੂੰ ਦੋ-ਤਿੰਨ ਜਗ੍ਹਾ ਤੋਂ ਇਸ ਦਾ ਮਾਲ ਤਿਆਰ ਕਰਵਾਉਣਾ ਪੈ ਰਿਹਾ ਹੈ।
ਸਰਤਾਜ ਦੀ ਇਸ ਐਲਬਮ ਵਿੱਚ ਉਸ ਦੁਆਰਾ ਰਚਿਤ ਕੁੱਲ 10 ਗੀਤ ਅਤੇ ਇੱਕ ਫ਼ਾਰਸੀ ਦਾ ਸ਼ੇਅਰ ਸ਼ਾਮਿਲ ਹੈ। ਇਸ ਐਲਬਮ ਵਿਚਲੇ ਗੀਤਾਂ ਨੂੰ ਇੱਕ ਵਾਰ ਫਿਰ ‘ਸਰਤਾਜ’ ਟੇਪ ਦੇ ਸੰਗੀਤਕਾਰ ਜਤਿੰਦਰ ਸ਼ਾਹ ਨੇ ਹੀ ਸੰਗੀਤਬੱਧ ਕੀਤਾ ਹੈ। ਟੇਪ ਦਾ ਟਾਈਟਲ ਗੀਤ ‘ਚੀਰੇ ਵਾਲਾ ਸਰਤਾਜ’ ਸਤਿੰਦਰ ਦਾ ਸਭ ਤੋਂ ਪਹਿਲਾ ਉਹ ਗੀਤ ਹੈ ਜਿਸ ਰਾਹੀਂ ਉਸਨੇ ਆਪਣੀ ਗੀਤਕਾਰੀ ਸਫ਼ਰ ਦਾ ਆਗਾਜ਼ ਕੀਤਾ ਸੀ। ਸ਼ਾਇਰੀ ਪੱਖੋਂ ਉੱਤਮ ਇਸ ਗੀਤ ਦੀਆਂ ਕੁਝ ਸਤਰਾਂ ਨਮੂਨੇ ਵਜੋਂ ਪੇਸ਼ ਹਨ-
ਮੇਰਿਆ ਚੰਨਣਾਂ, ਚੰਨਣਾਂ ਵੇ ਦੱਸ ਤੂੰ ਕੀਕਣ ਮੰਨਣਾਂ
ਕਾਹਤੋਂ ਲਾਈਆਂ ਨੇ ਦੇਰਾਂ ਵੇ ਮੈਂ ਅੱਥਰੂ ਪਈ ਕੇਰਾਂ
ਤੈਨੂੰ ਵਾਜਾਂ ਪਈ ਮਾਰਾਂ ਮੇਰੀਆਂ ਮਿੰਨਤਾਂ ਹਜ਼ਾਰਾਂ
ਪਾਣੀ ਰਾਵੀ ਦਾ ਵਗਦੈ ਤੇਰਾ ਚੇਤਾ ਵੀ ਠੱਗਦੈ
ਤੇਰਾ ਚੀਰਾ ਰੰਗਵਾਵਾਂ ਬਣ ਕੇ ਸ਼ੀਸ਼ਾ ਬਹਿ ਜਾਵਾਂ ਤੇਰੇ ਸਾਹਵੇਂ ਓ ਚੰਨਣਾਂ
ਇਸ ਗੀਤ ਦਾ ਕਲਾਤਮਕ ਵੀਡੀਓ ਉੱਘੇ ਵੀਡੀਓ ਨਿਰਦੇਸ਼ਕ ਕਲੌਸਿਸ ਦੁਆਰਾ ਨਿਰਦੇਸ਼ਤ ਕੀਤਾ ਹੈ ਜੋ ਕਿ ਅੱਜ-ਕੱਲ੍ਹ ਵੱਖ-ਵੱਖ ਚੈਨਲਾਂ ਉੱਪਰ ਦਰਸ਼ਕਾਂ ਨੂੰ ਨਜ਼ਰੀਂ ਪੈ ਰਿਹਾ ਹੈ।
ਇਸ ਟੇਪ ਦੇ ਸਾਰੇ ਗੀਤ ਹੀ ਵੈਸੇ ਤਾਂ ਸਰਤਾਜ ਦੇ ਦਿਲ ਦੇ ਕਰੀਬ ਹਨ ਪਰ ਫਿਰ ਵੀ ਟੇਪ ਦਾ ਦੂਜਾ ਗੀਤ ‘ਦਿਲ ਸਭ ਦੇ ਵੱਖਰੇ’ ਉਸਨੂੰ ਬੇ-ਹੱਦ ਪਸੰਦ ਹੈ ਇਸ ਦਾ ਕਾਰਨ ਪੁੱਛਣ ’ਤੇ ਉਸਨੇ ਦੱਸਿਆ ਕਿ ਇੱਕ ਤਾਂ ਇਸ ਗੀਤ ਦੀ ਛੰਦਬੰਦੀ 72 ਕਲੀਆ ਛੰਦ ਵਰਗੀ ਹੈ ਤੇ ਦੂਜਾ ਗੀਤਕਾਰੀ ਦੇ ਵਿੱਚ ਇਹੋ ਜਿਹੇ ਵਿਚਾਰ ਉਸਤੋਂ ਵੀ ਕਦੇ ਘੱਟ ਹੀ ਲਿਖੇ ਗਏ ਹਨ।ਸੋ ਪੇਸ਼ ਹਨ ਇਸ ਗੀਤ ਦੀਆਂ ਕੁਝ ਸਤਰਾਂ-
ਮੁੱਲ ਮੰਗਿਆ ਕਾਲਖ ਦਾ ਜਦੋਂ ਇਸ ਮੱਸਿਆ
ਧਰੂ ਵੀ ਹੱਸਿਆ ਵੇਖ ਕੇ ਭਾਣਾ ਕੋਈ ਮਰ ਜਾਣਾ ਅੱਗੇ ਨੀਂ ਆਇਆ
ਪਰਛਾਵੇਂ ਨੂੰ ਪੁੱਛਿਆ ਵੇ ਤੂੰ ਤਾਂ ਆ ਜਾ, ਵੇ ਸਾਥ ਨਿਭਾ ਜਾ
ਤੇ ਅੱਗਿਉਂ ਉਸਨੇ ਜਵਾਬ ਸੁਣਾਇਆ
ਸਾਡੀ ਕੀ ਹਸਤੀ ਜੀ, ਅਸੀਂ ਤਾਂ ਹਾਏ ਚਾਨਣ ਦੇ ਜਾਏ
ਓਹਦੇ ਸੰਗ ਜੰਮੀਏਂ ਓਹਦੇ ਸੰਗ ਮਰੀਏ
ਦਿਲ ਸਭ ਦੇ ਵੱਖਰੇ ਜੀ ਕਿਸੇ ਦੀ ਲੋਰ, ਕਿਸੇ ਦਾ ਜ਼ੋਰ ਅਸੀਂ ਕੀ ਕਰੀਏ
ਐਲਬਮ ਦੇ ਤੀਸਰੇ ਗੀਤ ‘ਦੌਲਤਾਂ’ ਰਾਹੀਂ ਉਹ ਇਨਸਾਨ ਨੂੰ ਜ਼ਿਹਨੀਂ ਤੌਰ ‘ਤੇ ਮਜ਼ਬੂਤ ਕਰਨ ਲਈ ਕੁਝ ਇਉਂ ਆਖਦਾ ਹੈ-
ਜ਼ਿੰਦਗੀ ਦੀ ਘੋਲ ਵੀ ਅਜੀਬ ਹੈ, ਸਦਾ ਈ ਸ਼ਰੀਫ਼ ਜਾਵੇ ਹਾਰਦਾ
ਚਿੱਤ ਨਾ ਡੁਲਾਇਓ ਪਰ ਸੂਰਿਓ ਦੇਖਿਓ ਨਜ਼ਾਰਾ ਜਾਂਦੀ ਵਾਰ ਦਾ
ਸੱਚ ਤੇ ਈਮਾਨ ਵਾਲੇ ਬੰਦੇ ਦੀ ਆਖਰਾਂ ਨੂੰ ਉੱਤੇ ਹੁੰਦੀ ਲੱਤ ਜੀ
ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓਂ ਮੈਂ ਤਾਂ ਇਹੀ ਕੱਢਿਆ ਏ ਤੱਤ ਜੀ
ਦੌਲਤਾਂ ਤਾਂ ਜੱਗ ‘ਤੇ ਬਥੇਰੀਆਂ ਪੈਸੇ ਤੋਂ ਜ਼ਰੂਰੀ ਹੁੰਦੀ ਪੱਗ ਜੀ
ਉਸਦੀ ਇਸ ਐਲਬਮ ਦੇ ਹਰੇਕ ਗੀਤ ਵਿੱਚ ਮਨੋਰੰਜਨ ਦੇ ਨਾਲ-ਨਾਲ ਉਸਨੇ ਕੋਈ ਸੁਨੇਹਾ ਦੇਣ ਦਾ ਵੀ ਯਤਨ ਕੀਤਾ ਹੈ ਜਿਵੇਂ ਕਿ ਚੌਥੇ ਗੀਤ ‘ਆਦਮੀ’ ਰਾਹੀਂ ਉਹ ਇੱਕ ਅਸਲ ਇਨਸਾਨ ਦੀ ਤਸਵੀਰ ਇਉਂ ਪੇਸ਼ ਕਰਦਾ ਹੈ-
ਜਿੰਨ੍ਹਾਂ ਦੁਨੀਆਂ ’ਤੇ ਉੱਚਾ-ਸੁੱਚਾ ਨਾਮਣਾ ਕਮਾਇਆ
ਉਹਨਾਂ ਔਕੜਾਂ ਮੁਸੀਬਤਾਂ ਨੂੰ ਪਿੰਡੇ ’ਤੇ ਹੰਢਾਇਆ
ਹਰ ਮੋੜ ਉੱਤੇ ਉਹਨਾਂ ਇਹੀ ਸਾਬਤ ਕਰਾਇਆ
ਕਿ ਬੁੱਤ ਸੱਟਾਂ ਸਹਿ-ਸਹਿ ਕੇ ਹੀ ਤਰਾਸ਼ ਹੁੰਦਾ ਏ
ਹਰ ਆਦਮੀ ‘ਚ ਹੁੰਦਾ ਇੱਕ ਨੇਕ ਇਨਸਾਨ
ਹਰ ਆਦਮੀ ‘ਚ ਇੱਕ ਬਦਮਾਸ਼ ਹੁੰਦਾ ਏ
ਐਲਬਮ ਦੇ ਪੰਜਵੇ ਗੀਤ ‘ਬਿਨਾਂ ਮੰਗਿਉਂ ਸਲਾਹ ਨਹੀਂ ਦੇਣੀ ਚਾਹੀਦੀ’ ਵਿੱਚ ਬਦੋ-ਬਦੀ ਖੜਪੈਂਚ ਬਣ ਕੇ ਆਪਣੀ ਸਲਾਹ ਦੇਣ ਵਾਲੇ ਲੋਕਾਂ ਨੂੰ ਉਹ ਇਉਂ ਸਮਝਾਉਂਦਾ ਹੈ---
ਬਿਨਾਂ ਮੰਗਿਉਂ ਸਲਾਹ ਨੀਂ ਦੇਣੀ ਚਾਹੀਦੀ, ਕਦਰ ਐਦਾਂ ਘਟ ਜਾਂਦੀ ਏ
ਐਵੇਂ ਰੋਜ਼ ਈ ਜੇ ਜਾ ਕੇ ਡੇਰੇ ਲਾ ਲਓ, ਇੱਜ਼ਤ ਹੋਣੋਂ ਹਟ ਜਾਂਦੀ ਏ
ਆਪ ਦਸਤਾਰ ਧਾਰੀ ਹੋਣ ਕਾਰਨ ਉਹ ਦਸਤਾਰ ਦੀ ਅਹਿਮੀਅਤ ਭਲੀ-ਭਾਂਤ ਸਮਝਦਾ ਹੈ ਸ਼ਾਇਦ ਇਸੇ ਲਈ ਹੀ ਇਸ ਐਲਬਮ ਦੇ ਅੱਠਵੇਂ ਗੀਤ ‘ਦਸਤਾਰ’ ਦੇੇ ਇੱਕ ਪੈਰ੍ਹੇ ਵਿੱਚ ਉਹ ਉਸਾਰੂ ਸਮਾਜ ਦੀ ਸਿਰਜਣਾ ਹਿਤ ਆਪਣਾ ਸੁਨੇਹਾਂ ਕੁਝ ਇਸ ਤਰਾਂ ਦਿੰਦਾ ਹੈ-
ਮੁਲਕ ਤਰੱਕੀ ਦੇ ਰਾਹ ਤੁਰਿਆ ਹੁਣ ਨਾ ਗੱਡੀ ਰੋਕ ਦਿਓ
ਕੀਮਤ ਬੜੀ ਜਵਾਨੀ ਦੀ ਐਵੇਂ ਨਾ ਭੱਠੀ ਝੋਕ ਦਿਓ
ਨਸ਼ਿਆਂ ਤੋਂ ਪਰਹੇਜ਼ ਕਰ ਲਿਓ ਇਹੀ ਵਜ੍ਹਾ ਤਬਾਹੀ ਦੀ
ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀਂ ਲਾਹੀਦੀ ਜੇ ਖ਼ੁਦ ਚਾਹੀਏ ਸਤਿਕਾਰ
ਇਸ ਗੀਤ ਦੇ ਸ਼ੁਰੂ ਵਿੱਚ ਪੇਸ਼ ਕੀਤਾ ਉਸ ਦੁਆਰਾ ਰਚਿਤ ਫ਼ਾਰਸੀ ਦਾ ਸ਼ੇਅਰ ‘ਦਸਤੂਰ-ਏ-ਦਸਤਾਰ’ ਸੋਨੇ ‘ਤੇ ਸੁਹਾਗੇ ਦੀ ਤਰ੍ਹਾਂ ਇਸ ਦੀ ਖ਼ੂਬਸੂਰਤੀ ਵਿੱਚ ਹੋਰ ਵੀ ਵਾਧਾ ਕਰਦਾ ਹੈ।
ਐਲਬਮ ਦਾ ਨੌਂਵਾਂ ਗੀਤ ‘ਯਾਮ੍ਹਾ’ ਅਤੇ ਦਸਵਾਂ ਗੀਤ ‘ਮੋਤੀਆ ਚਮੇਲੀ’ ੳੇੁਸਦੇ ਉਹ ਦੋ ਗੀਤ ਹਨ ਜੋ ਉਸਦੀ ਹਰ ਸਟੇਜ ਦਾ ਸ਼ਿੰਗਾਰ ਹਨ। ਜਿਸ ਬਿਨਾਂ ਉਹ ਆਪਣੀ ਹਰ ਸਟੇਜ ਅਧੂਰੀ ਮੰਨਦਾ ਹੈ ਇਸ ਲਈ ਇਹਨਾਂ ਦੋ ਗੀਤਾਂ ਨੂੰ ਉਸਨੇ ਉਚੇਚੇ ਤੌਰ ‘ਤੇ ਆਪਣੀ ਇਸ ਟੇਪ ਵਿੱਚ ਸ਼ਾਮਲ ਕੀਤਾ ਹੈ।
ਅਜੋਕੇ ਮਾਹੌਲ ਵਿੱਚ ਜਦ ਹਰ ਪਾਸੇ ਹਲਕੀ ਸ਼ਬਦਾਵਲੀ ਵਾਲੇ ਸੁਰ ਵਿਹੂਣੇ ਗੀਤ ਸੁਣਨ ਨੂੰ ਮਿਲ ਰਹੇ ਹਨ ਅਜਿਹੇ ਸਮੇੇਂ ਵਿੱਚ ਸਤਿੰਦਰ ਸਰਤਾਜ ਦੀ ਸਭ ਪੱਖੋਂ ਸੰਪੂਰਨ ਇਸ ਟੇਪ ਨੂੰ ਸੁਣਨਾ ਸਹੀ ਅਰਥਾਂ ਵਿੱਚ ਸਕੂਨ ਦਿੰਦਾ ਹੈ। ਆਸ ਕਰਨੀਂ ਬਣਦੀ ਹੈ ਕਿ ਸਰਤਾਜ ਦੀ ਇਹ ਐਲਬਮ ਉਸਦੀ ਪਹਿਲਾਂ ਰਿਲੀਜ਼ ਹੋਈ ਐਲਬਮ ‘ਸਰਤਾਜ’ ਤੋਂ ਵੀ ਦੋ ਕਦਮ ਅੱਗੇ ਜਾ ਕੇ ਉਸਦੇ ਸੰਗੀਤਕ ਸਫ਼ਰ ਦਾ ਇੱਕ ਯਾਦਗਾਰੀ ਮੀਲ-ਪੱਥਰ ਸਾਬਤ ਹੋਵੇਗੀ।
ਹਰਿੰਦਰ ਭੁੱਲਰ
ਫ਼ਿਰੋਜ਼ਪੁਰ
ਮੋਬਾਇਲ-94640-08008
ਈ-ਮੇਲ- harinderbhullar420@yahoo.com